• 15 ਰਾਜਾਂ ਦੇ 300 ਲੜਕੇ-ਲੜਕੀਆਂ ਮੈਡਲ ਜਿੱਤਣ ਲਈ ਅਜਮਾਉਣਗੀਆਂ ਕਿਸਮਤ : ਗਰੇਵਾਲ
• ਮੁਕਾਬਲਿਆਂ ਦੌਰਾਨ ਟੀ.ਐਸ.ਆਰ. ਪ੍ਰਣਾਲੀ ਅਤੇ ਡਿਜੀਟਲ ਸਕੋਰਕਾਰਡ ਵੀ ਹੋਵੇਗਾ ਸਥਾਪਤ
ਚੰਡੀਗੜ੍ਹ: ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਕੌਮੀ ਖੇਡ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.), ਵੱਲੋਂ 21 ਤੋਂ 23 ਅਪ੍ਰੈਲ, 2023 ਤੱਕ ਡੀਏਵੀਏਟ ਜਲੰਧਰ, ਪੰਜਾਬ ਵਿਖੇ ਪਹਿਲਾ ਫੈਡਰੇਸ਼ਨ ਗੱਤਕਾ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 22 ਸਾਲ ਤੋਂ ਘੱਟ ਉਮਰ ਵਰਗ ਵਿੱਚ 15 ਰਾਜਾਂ ਤੋਂ ਲਗਭਗ 300 ਲੜਕੇ ਅਤੇ ਲੜਕੀਆਂ ਮੈਡਲ ਤੇ ਚੈਂਪੀਅਨਸ਼ਿੱਪ ਜਿੱਤਣ ਲਈ ਕਿਸਮਤ ਅਜਮਾਉਣਗੀਆਂ।
ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਐਨ.ਜੀ.ਏ.ਆਈ. ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਨੇ ਦੱਸਿਆ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਮੁਕਾਬਲਿਆਂ ਦੌਰਾਨ ਸਪੱਸ਼ਟਤਾ, ਸੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਪਹਿਲੀ ਵਾਰ ਸਮਾਂ, ਅੰਕ ਅਤੇ ਨਤੀਜੇ (ਟੀ.ਐਸ.ਆਰ) ਦਰਸਾਉਣ ਲਈ ਕੰਪਿਊਟਰਾਈਜ਼ਡ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਦਰਸ਼ਕ ਡਿਜੀਟਲ ਸਕੋਰਕਾਰਡ ਰਾਹੀਂ ਸਾਰੀ ਕਾਰਵਾਈ ਦੇਖ ਸਕਣਗੇ। ਇਸ ਟੂਰਨਾਮੈਂਟ ਤੋਂ ਇੱਕ ਦਿਨ ਪਹਿਲਾਂ ਇੱਕ ਤਕਨੀਕੀ ਟੀਮ ਸਮੂਹ ਗੱਤਕਾ ਤਕਨੀਕੀ ਅਧਿਕਾਰੀਆਂ ਨੂੰ ਇਸ ਟੀ.ਐਸ.ਆਰ. ਪ੍ਰਣਾਲੀ ਬਾਰੇ ਸਿਖਲਾਈ ਦੇਵੇਗੀ।
ਗੱਤਕਾ ਪ੍ਰਮੋਟਰ ਸ. ਗਰੇਵਾਲ ਨੇ ਦੱਸਿਆ ਕਿ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਅਤੇ ਟੀਮ ਪ੍ਰਬੰਧਕਾਂ ਨੂੰ ਸਫਲਤਾ ਅਤੇ ਪ੍ਰਾਪਤੀਆਂ ਬਦਲੇ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਜੇਤੂਆਂ ਨੂੰ ਮੈਡਲ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਐਨ.ਜੀ.ਏ.ਆਈ. ਵੱਲੋਂ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਅਤੇ ਪ੍ਰਬੰਧਕਾਂ ਦੀਆਂ ਬੁਨਿਆਦੀ ਲੋੜਾਂ ਦੀ ਦੇਖਭਾਲ ਵਜੋਂ ਖੇਡ ਮੈਦਾਨ ਦੇ ਨੇੜੇ ਮੁਫਤ ਭੋਜਨ, ਪਾਣੀ ਅਤੇ ਆਰਾਮਦਾਇਕ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ।
ਹੋਰ ਵੇਰਵੇ ਦਿੰਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਟੂਰਨਾਮੈਂਟ ਪ੍ਰਬੰਧਕ ਕਮੇਟੀ ਨੇ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਆਪੋ-ਆਪਣੀਆਂ ਪ੍ਰਮਾਣਿਤ ਖੇਡ ਕਿੱਟਾਂ ਲਿਆਉਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ, ਹਰੇਕ ਰਾਜ ਨੂੰ ਅਲਾਟ ਕੀਤੀ ਗਈ ਅਧਿਕਾਰਤ ਡਰੈੱਸ ਕਿੱਟ, ਮੁਕਾਬਲੇ ਸਮੇਂ, ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਦੌਰਾਨ ਪਹਿਨੀ ਜਾਣੀ ਚਾਹੀਦੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਰਾਸ਼ਟਰੀ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਗੱਤਕੇ ਦੇ ਜੌਹਰ ਦੇਖਣ ਅਤੇ ਮਾਰਸ਼ਲ ਆਰਟ ਗੱਤਕੇ ਦੇ ਅਮੀਰ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਵਾਲੇ ਜਸ਼ਨਾਂ ਵਿੱਚ ਸ਼ਿਰਕਤ ਕਰਨ। ਗਰੇਵਾਲ ਨੇ ਕਿਹਾ ਕਿ ਇਹ ਟੂਰਨਾਮੈਂਟ ਪ੍ਰਮੁੱਖ ਸ਼ਖਸੀਅਤਾਂ ਦੀ ਮੌਜੂਦਗੀ ਅਤੇ ਡਿਜੀਟਲ ਟੀ.ਐਸ.ਆਰ. ਸਿਸਟਮ ਦੀ ਸ਼ੁਰੂਆਤ ਦੇ ਨਾਲ, ਸਾਰਿਆਂ ਲਈ ਇੱਕ ਰੋਮਾਂਚਕ ਅਤੇ ਆਨੰਦਦਾਇਕ ਅਨੁਭਵ ਪੈਦਾ ਕਰੇਗਾ।
ਐਨ.ਜੀ.ਏ.ਆਈ. ਦੇ ਪ੍ਰਧਾਨ ਨੇ ਭਰੋਸਾ ਦਿਵਾਇਆ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਸਾਰੇ ਖਿਡਾਰੀਆਂ ਤੇ ਖਿਡਾਰਨਾਂ ਲਈ ਨਿਰਪੱਖ ਅਤੇ ਪਾਰਦਰਸ਼ੀ ਮੁਕਾਬਲੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਦੇ ਸਹਿਯੋਗ, ਭਾਗ ਲੈਣ ਵਾਲੇ ਖਿਡਾਰੀਆਂ ਤੇ ਖਿਡਾਰਨਾਂ ਦੇ ਖੇਡ ਜਨੂੰਨ ਅਤੇ ਪ੍ਰਬੰਧਕਾਂ ਦੀ ਲਗਨ ਸਦਕਾ ਇਹ ਟੂਰਨਾਮੈਂਟ ਭਾਰਤ ਵਿੱਚ ਭਵਿੱਖੀ ਗੱਤਕਾ ਮੁਕਾਬਲਿਆਂ ਲਈ ਇੱਕ ਨਿਵੇਕਲਾ ਮਾਪਦੰਡ ਤੈਅ ਕਰੇਗਾ।
ਉਨ੍ਹਾਂ ਆਖਿਆ ਕਿ ਐੱਨ.ਜੀ.ਏ.ਆਈ. ਇੰਨਾਂ ਰਾਸ਼ਟਰੀ ਗੱਤਕਾ ਮੁਕਾਬਲਿਆਂ ਨੂੰ ਪੇਸ਼ੇਵਰ ਅਤੇ ਕੁਸ਼ਲ ਤਰੀਕੇ ਨਾਲ ਕਰਵਾਉਣ ਲਈ ਵਚਨਬੱਧ ਹੈ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਦੁਆਰਾ ਨਿਰਧਾਰਤ ਨਿਯਮਾਂਵਲੀ ਅਤੇ ਨਿਯਮਾਂ ਦੀ ਪਾਲਣਾ ਕਰੇਗੀ। ਸ. ਗਰੇਵਾਲ਼ ਨੇ ਕਿਹਾ ਕਿ ਇਹ ਫੈਡਰੇਸ਼ਨ ਕੱਪ ਐਕਸ਼ਨ ਭਰਪੂਰ ਈਵੈਂਟ ਹੋਣ ਦੇ ਨਾਲ ਖਿਡਾਰੀਆਂ ਅਤੇ ਦਰਸ਼ਕਾਂ ਲਈ ਇੱਕ ਅਭੁੱਲ ਅਨੁਭਵ ਸਾਬਤ ਹੋਵੇਗਾ।